“ਮਜ਼ਬੂਰੀ” ਦੀ “ਬਾਲ ਮਜ਼ਦੂਰੀ” ਗ਼ਲਤ ਤੇ ਫ਼ਿਰ “ਸ਼ੌਂਕ” ਦੀ “ਬਾਲ ਮਜ਼ਦੂਰੀ” ਸਹੀ ਕਿਵੇਂ?


ਦੇਸ਼ ਵਿੱਚ ਅਨੇਕਾਂ ਸਮੱਸਿਆਵਾਂ ਨੇ, ਜਿੰਨਾ ਉੱਪਰ ਸਰਕਾਰ ਨੇ ਸਖ਼ਤ ਕਾਨੂੰਨ ਬਣਾਏ ਹਨ ਪਰ ਉਹ ਸਮੱਸਿਆਵਾਂ ਤਾਂ ਓਸੇ ਤਰ੍ਹਾਂ ਮੌਜੂਦ ਨੇ ਓਹਨਾਂ ਦਾ ਰੂਪ ਬਦਲ ਗਿਆ ਹੈ।ਇਕ ਸਮੱਸਿਆ ਜੋ ਬਹੁਤ ਗੰਭੀਰ ਹੈ ਉਹ ਹੈ ਬਾਲ ਮਜ਼ਦੂਰੀ।
ਸਰਕਾਰ ਵਲੋਂ ਜਦੋਂ ਸੰਵਿਧਾਨ ਬਣਾਇਆ ਗਿਆ ਸੀ ਤਾਂ ਓਸ ਵਿੱਚ ਬਹੁਤ ਹੀ ਸੂਝ ਤੇ ਸਮਝ ਨਾਲ ਸਭ ਕੁਝ ਦਾਖਿਲ ਕੀਤਾ ਗਿਆ ਸੀ। ਉਸ ਵਿੱਚ Fundamental Rights ਖਾਸ ਤੌਰ ਤੇ ਦਿੱਤੇ ਗਏ।ਜਿਸ ਵਿਚ Right against exploitation ਦੇ ਹਿੱਸੇ ਵਿੱਚ ਬਾਲ ਮਜ਼ਦੂਰੀ ਦਾ ਜ਼ਿਕਰ ਹੈ।ਕੋਈ ਵੀ ਬੱਚਿਆਂ ਤੋਂ ਕੰਮ ਨਹੀਂ ਕਰਵਾ ਸਕਦਾ, ਬੱਚਿਆਂ ਤੋਂ ਕਰਵਾਈ ਮਜ਼ਦੂਰੀ ਕਾਨੂੰਨ ਵਲੋਂ ਸਜ਼ਾ ਦੀ ਪਾਤਰ ਹੋਏਗੀ।


ਬਚਪਨ ਇਕ ਇਨਸਾਨ ਦੀ ਜ਼ਿੰਦਗੀ ਦਾ ਓਹ ਹਿੱਸਾ ਹੁੰਦਾ ਹੈ, ਜਿੱਥੇ ਉਸਨੂੰ ਨਾ ਤੇ ਕੋਈ ਫ਼ਿਕਰ ਹੁੰਦੀ ਹੈ ਤੇ ਨਾ ਹੀ ਕੋਈ ਚਿੰਤਾ।ਆਪਣੇ ਮਾਂ ਬਾਪ ਦੇ ਸਹਾਰੇ ਇਕ ਬੱਚਾ ਆਪਣੀ ਜ਼ਿੰਦਗੀ ਵਿੱਚ ਦੁਨੀਆਂ ਦਾ ਹਰ ਰੰਗ ਮਾਣਦਾ ਹੈ।
ਪਰ ਦੁਨੀਆਂ ਅਲੱਗ ਅਲੱਗ ਹਿੱਸਿਆਂ ਵਿਚ ਵੰਡੀ ਹੋਈ ਹੈ।ਹਰ ਇਕ ਦੇ ਹਾਲਾਤ ਅਲਗ ਹਨ ਤੇ ਹਾਲਾਤਾਂ ਦੇ ਆਧਾਰ ਤੇ ਹੀ ਹਰ ਕੋਈ ਜ਼ਿੰਦਗੀ ਬਸਰ ਕਰਨ ਲਈ ਸਾਧਨ ਲੱਭਦਾ ਹੈ।


ਆਮ ਫੈਕਟਰੀਆਂ, ਢਾਬਿਆਂ ਤੇ ਹੋਰ ਵੀ ਅਜਿਹੀਆਂ ਥਾਵਾਂ ਜਿੱਥੇ ਬੱਚਿਆਂ ਤੋਂ ਮਜ਼ਦੂਰੀ ਕਰਵਾਈ ਜਾਂਦੀ ਸੀ, ਉਹ ਕਿਤੇ ਨਾ ਕਿਤੇ ਰੁਕ ਗਈ ਹੈ।ਪਰ ਪੂਰੇ ਤਰੀਕੇ ਨਾਲ ਨਹੀਂ।ਸਮਾਜ ਦਾ ਬਹੁਤ ਵੱਡਾ ਹਿੱਸਾ ਜੋ ਗਰੀਬੀ ਰੇਖਾ ਦੇ ਨੀਚੇ ਆਉਂਦਾ ਹੈ, ਉਸ ਪਰਿਵਾਰ ਦਾ ਹਰ ਫਰਦ ਪੇਟ ਭਰਨ ਲਈ ਕੰਮ ਕਰਨ ਲਈ ਮਜ਼ਬੂਰ ਹੈ।
ਗਰੀਬੀ ਰੇਖਾ ਹੇਠ ਆਉਣ ਵਾਲੇ ਬਹੁਤ ਪਰਿਵਾਰਾਂ ਦੇ ਬੱਚੇ ਵੀ ਮਜ਼ਬੂਰੀ ਕਰਕੇ ਕੰਮ ਕਰ ਰਹੇ ਨੇ, ਜੋ ਪਰਦੇ ਦੇ ਅੱਗੇ ਹੈ। ਉਹਨਾਂ ਲਈ ਮਜ਼ਦੂਰੀ ਮਜ਼ਬੂਰੀ ਹੈ।ਪਰ ਸਮਾਜ ਦਾ ਬਹੁਤ ਵੱਡਾ ਹਿੱਸਾ ਅਜਿਹਾ ਹੈ ਜੋ ਆਪਣੇ ਬੱਚਿਆਂ ਤੋਂ ਮਜ਼ਦੂਰੀ ਕਰਵਾ ਰਿਹਾ ਹੈ ਪਰ ਉਹ ਸਮਾਜ ਦੇ ਅੱਗੇ ਨਹੀਂ ਹੈ।ਬਹੁਤ ਸਾਰੇ ਬੱਚਿਆਂ ਨੂੰ ਓਹਨਾਂ ਦੀ ਕਲਾ ਉਤੇ ਨਿਰਭਰ ਕਰਦੇ ਕੰਮ ਮਿਲਦੇ ਹਨ।


ਬਹੁਤ ਬੱਚੇ Tv Shows, Movies, Club Performer, Blogs, Social Media Content ਅਤੇ ਅਜਿਹੇ ਹੋਰ ਵੀ ਬਹੁਤ ਕੰਮ ਕਰਦੇ ਹਨ ਜਿੰਨਾ ਨਾਲ ਓਹਨਾਂ ਨੂੰ ਕਾਫੀ ਕਮਾਈ ਹੁੰਦੀ ਹੈ। ਇਹ ਵੀ ਬਾਲ ਮਜ਼ਦੂਰੀ ਦੇ ਅਧੀਨ ਹੀ ਹੈ, ਪਰ ਉਸਨੂੰ ਬਾਲ ਮਜ਼ਦੂਰੀ ਹੇਠ ਨਹੀਂ ਗਿਣਿਆ ਜਾਂਦਾ।
ਮਜ਼ਬੂਰੀ” ਦੀ “ਬਾਲ ਮਜ਼ਦੂਰੀ” ਗ਼ਲਤ ਤੇ ਫ਼ਿਰ “ਕਲਾ ਦੀ ਬਾਲ ਮਜ਼ਦੂਰੀ” ਸਹੀ ਕਿਵੇਂ?ਇਹ ਗ਼ਲਤ ਨਹੀਂ ਹੈ ਕਿ ਆਪਣੇ ਬੱਚੇ ਅੰਦਰ ਦੀ ਕਲਾ ਨੂੰ ਨਿਖ਼ਾਰਨਾ ਜਾਂ ਫ਼ਿਰ ਉਸਨੂੰ ਅੱਗੇ ਲੈਕੇ ਆਉਣਾ ਗ਼ਲਤ ਹੈ ਪਰ ਮਜ਼ਬੂਰ ਦੀ ਮਜ਼ਬੂਰੀ ਨੂੰ ਸਮਝਣਾ ਵੀ ਉਸੇ ਤਰ੍ਹਾਂ ਜ਼ਰੂਰੀ ਹੈ।
ਇਕ ਪਾਸੇ ਜਿਹਨਾਂ ਕੋਲ ਸਭ ਸਹੂਲਤਾਂ ਹਨ, ਜਿੰਨਾ ਕੋਲ ਹਰ ਸੁਵਿਧਾ ਹੈ, ਜੋ ਪਰਿਵਾਰ ਦੀਆਂ ਫ਼ਿਕਰਾਂ ਤੋਂ ਦੂਰ ਹਨ ਉਹਨਾਂ ਲਈ ਆਪਣੇ ਹੁਨਰ ਨੂੰ ਅੱਗੇ ਲੈਕੇ ਆਉਣਾ ਨਾ ਤੇ ਮੁਸ਼ਕਿਲ ਹੈ ਅਤੇ ਨਾ ਹੀ ਸਮਾਜ ਵਲੋਂ ਕੋਈ ਉਂਗਲ ਚੁੱਕੇ ਜਾਣ ਦਾ ਡਰ।ਨਾ ਹੀ ਸਰਕਾਰ ਵਲੋਂ ਕਿਸੇ ਕਿਸਮ ਦੀ ਸਮੱਸਿਆ।ਪਰ ਜਿੰਨਾ ਬੱਚਿਆਂ ਨੂੰ ਪਰਿਵਾਰ ਦੀਆਂ ਮਜ਼ਬੂਰੀਆਂ ਅੱਗੇ ਝੁਕਣਾ ਪੈਂਦਾ ਹੈ ਓਹਨਾਂ ਨੂੰ ਸਮਾਜ ਵੀ ਤਾੜਦਾ ਹੈ ਅਤੇ ਸਰਕਾਰ ਵੀ।
ਬਹੁਤ ਵੱਡੀ ਤ੍ਰਾਸਦੀ ਹੈ ਕਿ ਸਮਾਜ ਵਿੱਚ ਇਸ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ।ਸਰਕਾਰ ਨੇ ਬਾਲ ਮਜ਼ਦੂਰੀ ਨੂੰ ਤਾਂ Ban ਕਰ ਦਿੱਤਾ ਹੈ ਪਰ ਮਜ਼ਬੂਰਾਂ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕੇ।
Social Media ਉੱਪਰ ਬਹੁਤ ਅਜਿਹੀਆਂ Videos ਦੇਖੀਆਂ ਜਾਂਦੀਆਂ ਨੇ, ਜਿਸ ਵਿੱਚ ਇੱਕ ਬੱਚਾ ਆਪਣੀ ਕਲਾ ਨੂੰ ਦਿਖਾ ਰਿਹਾ ਹੈ, ਮਾਪਿਆਂ ਵਲੋਂ ਵੀ ਆਪਣੇ ਬੱਚੇ ਦੀ ਕਲਾ ਨਿਖਾਰਨ ਅਤੇ ਉਸਨੂੰ ਨੂੰ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ।


ਉੱਥੇ ਦੂਜੇ ਪਾਸੇ ਉਹ ਬੱਚਾ ਜਿਸਨੂੰ ਸਿਰਫ਼ ਆਪਣੇ ਘਰ ਦੇ ਹਾਲਾਤ ਨਜ਼ਰ ਆਉਂਦੇ ਨੇ, ਉਸਨੂੰ ਆਪਣੇ ਪਰਿਵਾਰ ਦੀਆਂ ਮੁਸ਼ਕਿਲਾਂ ਪਤਾ ਨੇ, ਉਹਨਾਂ ਨੂੰ ਹੀ ਹੱਲ ਕਰਨ ਲਈ ਜੇਕਰ ਉਹ ਆਪਣੇ ਪਰਿਵਾਰ ਦੀ ਮਦਦ ਕਰ ਰਿਹਾ ਹੈ, ਆਪਣੇ ਪਰਿਵਾਰ ਨਾਲ ਮਿਲਕੇ ਕੰਮ ਕਰ ਰਿਹਾ ਹੈ ਤਾਂ ਇਹ ਗ਼ਲਤ ਕਿਸ ਤਰ੍ਹਾਂ ਹੋ ਸਕਦਾ ਹੈ?
ਸਮਾਜ ਨੂੰ ਸੋਚਣ ਦੀ ਜ਼ਰੂਰਤ ਹੈ ਤੇ ਸਰਕਾਰ ਨੂੰ ਵੀ। ਸਰਕਾਰ ਨੂੰ ਚਾਹੀਦਾ ਹੈ ਕਿ ਚੰਗੇ ਕਦਮ ਚੁੱਕੇ ਜਾਣ।ਕਿਉੰਕਿ ਜਿੰਨਾ ਲਈ ਮਜ਼ਦੂਰੀ ਮਜ਼ਬੂਰੀ ਹੈ ਉਹ ਬੱਚੇ ਕਿਤੇ ਨਾ ਕਿਤੇ ਪੜ੍ਹਾਈ ਤੇ ਆਪਣੇ ਬਚਪਨ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਨਾਲ ਹੀ ਬੱਚੇ ਜੋਕਿ ਆਉਣ ਵਾਲਾ ਭਵਿੱਖ ਨੇ ਓਹਨਾਂ ਦਾ ਅੱਜ ਵੀ ਸਵਾਰਿਆ ਜਾਵੇ ਤੇ ਆਉਣ ਵਾਲਾ ਕੱਲ੍ਹ ਵੀ।

Leave a Comment

Your email address will not be published.

Start typing and press Enter to search